ਸਤਿ ਸ੍ਰੀ ਅਕਾਲ ਜੀ।
ਮੈ, ਮਨਜੀਤ ਕੌਰ ਧੰਜਲ
ਅੱਜ ਮੈਂ ਤੁਹਾਡੇ ਨਾਲ ਆਪਣੇ ਬਾਰੇ ਨਹੀਂ, ਸਗੋਂ ਉਸ ਸਫ਼ਰ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਜਿਸ ਨੇ ਮੈਨੂੰ 'ਪੰਜਾਬੀ ਵਿਰਾਸਤ' ਤੱਕ ਪਹੁੰਚਾਇਆ।
'ਮੇਰੇ ਬਚਪਨ ਵਾਲਾ ਪੰਜਾਬ'
ਬਚਪਨ ਤੋਂ ਹੀ ਮੈਨੂੰ ਪੰਜਾਬੀ ਕਦਰਾਂ-ਕੀਮਤਾਂ, ਪੰਜਾਬੀ ਸੱਭਿਆਚਾਰ ਅਤੇ ਆਪਣੀ ਮਿੱਟੀ ਦੀ ਖੁਸ਼ਬੋ ਨਾਲ ਬਾਹਲਾ ਮੋਹ ਪਿਆਰ ਰਿਹਾ ਹੈ।
ਨਾਨਕੇ-ਦਾਦਕੇ ਪਿੰਡ ਵਿੱਚ ਹੋਣ ਕਰਕੇ ਮੈਂ ਪੰਜਾਬ ਦੇ ਪਿੰਡਾਂ ਦੀ ਨੁਹਾਰ ਨੂੰ ਬਹੁਤ ਨੇੜਿਓਂ ਮਾਣਿਆ ਹੈ।
ਉਹ ਸਮਾਂ ਹੀ ਕੁਝ ਹੋਰ ਸੀ।
ਖੂਹੀ ਤੋਂ ਲੱਜ-ਡੋਲ ਨਾਲ ਪਾਣੀ ਖਿੱਚਣਾ ਤੇ ਘਰ ਲਿਆ ਕੇ ਪੁਣ ਕੇ ਘੜਿਆਂ ਵਿੱਚ ਭਰਨਾ…ਤੇ ਕਈ ਬਾਰ ਡੋਲ ਖੂਹੀ ਵਿੱਚ ਡਿਗ ਵੀ ਜਾਂਦਾ..
ਚਰਖਾ ਕੱਤਣਾ…
ਦਰੀਆਂ ਬੁਣਨੀਆਂ…
ਚੱਕੀ ਵਿੱਚ ਆਟਾ ਤੇ ਦਾਲਾਂ ਪੀਹਣੀਆਂ…
ਗਰਮ ਗਰਮ ਗੁੜ ਵੇਲਣੇ ਤੋਂ ਲਿਆ ਕੇ ਉਸ ਨਾਲ ਰੋਟੀ ਖਾਣੀ..
ਅਸੀਂ ਗੀਟੇ ਖੇਡਦੇ , ਗੁੱਲੀ-ਡੰਡਾ ਖੇਡਦੇ , ਲੁਕਣ ਮੀਚੀ ਖੇਡਦੇ,
ਅੱਡੀ ਟੱਪਾ ਤੇ ਛਟਾਪੂ ਖੇਡਦੇ ਤੇ ਬਾਰਾਂ ਟੀਣੀ ਵੀ..
ਬੋਹੜ ਦੀਆਂ ਟਾਹਣੀਆਂ ਫੜ ਕੇ ਝੂਟੇ ਲੈਣੇ, ਪੀਂਘਾਂ ਪਾਉਣੀਆਂ, ਛੱਪੜ ਵਿੱਚ ਨਹਾਉਣਾ, ਖੇਤਾਂ ਵਿੱਚ ਦੌੜਦੇ ਫਿਰਨਾ, ਘਾਹ ਖੋਤ ਕੇ ਲਿਆਉਣਾ…
ਉਹ ਪੰਜਾਬ ਕਿੱਥੇ ਚਲਾ ਗਿਆ? ਕਿੱਥੇ ਵਿਸਰ ਗਿਆ?
ਤ੍ਰਿੰਝਣਾਂ ਵਿੱਚ ਬੈਠ ਕੇ ਚਰਖਾ ਕੱਤਣਾ, ਮੁਟਿਆਰਾਂ ਨੇ ਗੀਤ ਗਾਉਣੇ, ਮੀਂਹ ਵਿੱਚ ਨਹਾਉਣਾ, ਘਰਾਂ ਦੇ ਕੰਮਾਂ ਵਿੱਚ ਹੱਥ ਵਟਾਉਣਾ
ਛੱਪੜਾਂ ਚ’ ਛੜੱਪੇ ਮਾਰਨੇ ਤੇ ਮੱਝਾਂ ਉੱਤੇ ਬੈਠ ਕੇ ਮੱਝਾਂ ਨੂੰ ਨੁਆਉਣਾ
ਖੂਹੀ ਤੋਂ ਲੱਜ ਤੇ ਡੋਲ ਨਾਲ ਪਾਣੀ ਖਿੱਚਣਾ ਤੇ ਗਾਗਰ ਭਰ ਕੇ ਵੱਡੀ ਨਾਲ ਲਾ ਕੇ ਚੁੱਕ ਲਿਆਉਣੀ…
ਕਈ ਵਾਰ ਤਾਂ ਪੈਦਲ ਹੀ ਨਾਨਕੇ ਪਿੰਡ ਵੱਲ ਤੁਰ ਪੈਣਾ।
ਨਾ ਇੰਨਾ ਟ੍ਰੈਫ਼ਿਕ ਸੀ, ਨਾ ਇੰਨੀ ਭੀੜ।
ਅੱਜ ਦੁਨੀਆਂ ਭੀੜ ਬਣ ਗਈ ਹੈ, ਪਰ ਉਹ ਨੁਹਾਰ ਕਿਤੇ ਗੁੰਮ ਹੋ ਗਈ ਹੈ।
ਮੇਰੇ ਬੀਜੀ ਬਹੁਤ ਹੀ ਨਿਮਰ ਸੁਭਾਅ ਦੇ ਸਨ l ਉਹ ਜ਼ਿਆਦਾ ਪੜ੍ਹੇ-ਲਿਖੇ ਨਹੀ ਸਨ ਪਰ ਪੜੇ ਲਿਖਿਆਂ ਨੂੰ ਮਾਤ ਪਾਉਂਦੇ ਸਨ ।
ਉਹ ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਆਪਣੇ ਜੀਵਨ ਦੇ ਤਜਰਬਿਆਂ ਰਾਹੀਂ ਬਹੁਤ ਕੁੱਝ ਸਿਖਾ ਗਏ।
ਬੀਜੀ ਅੱਜ ਤੋਂ ਲਗਭਗ 35 ਸਾਲ ਪਹਿਲਾਂ 1991 ਵਿੱਚ ਸਾਨੂੰ ਸਦਾ ਲਈ ਛੱਡ ਗਏ ਸਨ l
ਉਨ੍ਹਾਂ ਦੀ ਸਾਦਗੀ, ਪਿਆਰ ਅਤੇ ਸੰਸਕਾਰ ਅੱਜ ਵੀ ਸਾਡੇ ਅੰਦਰ ਵੱਸਦੇ ਹਨ।
ਮੇਰੇ ਪਿਤਾ ਜੀ, ਪ੍ਰੋਫੈਸਰ ਗੁਰਦਰਸ਼ਨ ਸਿੰਘ ਧੰਜਲ , ਮੇਰੀ ਜ਼ਿੰਦਗੀ ਦੇ ਸਭ ਤੋਂ ਵੱਡਾ ਪ੍ਰੇਰਨਾ ਦਾ ਸੋਮਾ ਰਹੇ ਹਨ l
ਮੈਂ ਗਾਇਨ-ਸੰਗੀਤ ਅਤੇ ਪੰਜਾਬੀ ਵਿੱਚ ਐੱਮ.ਏ. ਕੀਤੀ।
ਸੰਗੀਤ ਸਿਖਾਉਣਾ, ਗੁਰਬਾਣੀ ਅਤੇ ਕੀਰਤਨ ਸਿਖਾਉਣਾ, ਪੰਜਾਬੀ ਪੜਾਉਣਾ ਮੇਰਾ ਕਿੱਤਾ ਰਿਹਾ।
ਅਤੇ ਧਾਰਮਿਕ ਪੜਾਈ ਦੀਆਂ ਕਲਾਸਾਂ ਵੀ ਲੈਂਦੀ ਸਾਂ l
ਲਗਭਗ 36 ਸਾਲ ਮੈਂ ਲੁਧਿਆਣਾ ਦੇ ਵੱਖ-ਵੱਖ ਉੱਚ ਕੋਟੀ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਸੇਵਾ ਕੀਤੀ ਅਤੇ ਅੰਤ ਵਿੱਚ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਤੋਂ ਡੀਨ ਵਜੋਂ ਸੇਵਾ-ਮੁਕਤ ਹੋਈ ।
ਇਹ ਸਫ਼ਰ ਬਹੁਤ ਲੰਮਾ ਸੀ।
ਆਪਣੇ ਪਿੰਸੀਪਲ ਮੈਡਮ ਕੁਲਵੰਤ ਕੌਰ ਵਿਰਦੀ ਜੀ ਪਾਸੋਂ ਬਹੁਤ ਕੁਝ ਸਿੱਖਿਆ ਤੇ ਬਹੁਤ ਕੁਝ ਸਿਖਾਇਆ।
ਬਹੁਤ ਪਿਆਰ ਮਿਲਿਆ, ਬਹੁਤ ਸਤਿਕਾਰ ਮਿਲਿਆ।
ਵਿਦਿਆਰਥੀਆਂ ਅਤੇ ਸਾਥੀ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਰਲ-ਮਿਲ ਕੇ ਕੰਮ ਕੀਤਾ ਅਤੇ ਇਸ ਸਫ਼ਰ ਦਾ ਬਹੁਤ ਆਨੰਦ ਮਾਣਿਆ।
ਪਰ ਉਮਰ ਦੇ ਇਸ ਪੜਾਅ ’ਤੇ ਆ ਕੇ ਮੇਰੇ ਮਨ ਵਿੱਚ ਇੱਕ ਸਵਾਲ ਉੱਠਿਆ—
ਜੇ ਇੰਨਾ ਕੁਝ ਸਿੱਖ ਕੇ ਅਤੇ ਇੰਨਾ ਕੁਝ ਕਰ ਕੇ ਅੱਜ ਮੈਂ ਸਮਾਜ ਨੂੰ ਕੁਝ ਦੇ ਨਹੀਂ ਰਹੀ, ਤਾਂ ਮੇਰੇ ਜੀਵਨ ਦੀ ਸਾਰਥਕਤਾ ਕੀ ਹੈ?
ਇਸ ਸਵਾਲ ਨੇ ਮੈਨੂੰ ਅੰਦਰੋਂ ਝੰਜੋੜਿਆ।
ਪੰਜਾਬੀ ਵਿਰਾਸਤ ਕਿਉਂ ?
ਮੇਰੇ ਕੋਲ ਸਮਾਂ ਹੈ।
ਮੇਰੇ ਕੋਲ ਤਜਰਬਾ ਹੈ
ਮੇਰੇ ਕੋਲ ਸਿੱਖਿਆ ਹੈ
ਅਤੇ ਸਭ ਤੋਂ ਵੱਧ—ਦੇਣ ਦੀ ਤਾਂਘ ਵੀ ਹੈ
ਇਥੋਂ ਪੰਜਾਬੀ ਵਿਰਾਸਤ ਦਾ ਵਿਚਾਰ ਜਨਮਿਆ..
ਮੈਂ ਚਾਹੁੰਦੀ ਹਾਂ ਕਿ ਸਾਡੇ ਬੱਚੇ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣ।
ਉਹ ਆਪਣੇ ਵਿਰਸੇ ਨੂੰ ਜਾਣਨ।
ਉਹ ਪੁਰਾਣੇ ਪੰਜਾਬ ਦੀਆਂ ਕਹਾਣੀਆਂ ਸੁਣਨ।
ਉਹ ਸਾਡੇ ਸੰਗੀਤ, ਰੀਤੀ-ਰਿਵਾਜਾਂ ਅਤੇ ਜੀਵਨ-ਮੁੱਲਾਂ ਨੂੰ ਸਮਝਣ।
ਅਤੇ ਇਹ ਸਿਰਫ਼ ਪੰਜਾਬ ਵਿੱਚ ਰਹਿਣ ਵਾਲੇ ਬੱਚਿਆਂ ਲਈ ਨਹੀਂ ਹੈ ਬਲਕਿ
ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਕੋਈ ਵੀ ਵਿਅਕਤੀ ਪੰਜਾਬੀ ਸਿੱਖਣਾ ਚਾਹੁੰਦਾ ਹੈ—ਮੈਂ ਉਸ ਨੂੰ ਪੰਜਾਬੀ ਸਿਖਾਉਣਾ ਚਾਹੁੰਦੀ ਹਾਂ।
ਮੇਰੇ ਲਈ ਮੇਰੀ ਮਾਤ ਭਾਸ਼ਾ ਦੇ ਸਾਹਮਣੇ ਕੋਈ ਰੰਗ, ਜਾਤ ,ਦੇਸ਼ ਰੁਕਾਵਟ ਨਹੀਂ ਹੈ ।
ਮੈਂ ਆਪਣੇ ਬਜ਼ੁਰਗਾਂ ਨੂੰ ਇਸ ਯਾਤਰਾ ਦਾ ਮੁਖ ਹਿੱਸਾ ਬਣਾਉਣਾ ਚਾਹੁੰਦੀ ਹਾਂ।
ਕਈ ਬਜ਼ੁਰਗ ਘਰਾਂ ਵਿੱਚ ਬੈਠੇ ਹੁੰਦੇ ਹਨ।
ਉਹ ਬਾਹਰ ਜਾ ਕੇ ਯੋਗਾ ਕਲਾਸਾਂ ਨਹੀਂ ਲਗਾ ਸਕਦੇ।
ਇਸ ਲਈ ਮੈਂ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਘਰ ਬੈਠਿਆਂ ਯੋਗਾ ਦੀ ਸਹੂਲਤ ਮਿਲੇ, ਤਾਂ ਜੋ ਉਹ ਆਪਣੀ ਸਿਹਤ ਦਾ ਖਿਆਲ ਰੱਖ ਸਕਣ।
ਇਸੇ ਤਰ੍ਹਾਂ 50–60 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਉਹ ਬੀਬੀਆਂ ਭੈਣਾਂ ਜਿਨ੍ਹਾਂ ਨੂੰ ਕੀਰਤਨ ਕਰਨ ਦਾ ਸ਼ੌਕ ਹੈ, ਉਨ੍ਹਾਂ ਲਈ ਕੀਰਤਨ ਸਿੱਖਲਾਈ ਦੀਆਂ ਆਨਲਾਈਨ ਕਲਾਸਾਂ ਹਨ ।
ਸੰਗੀਤ ਮੇਰੀ ਜ਼ਿੰਦਗੀ ਦਾ ਹਿੱਸਾ ਹੈ l
ਮੈਂ ਚਾਹੁੰਦੀ ਹਾਂ ਕਿ ਸਾਡੇ ਲੋਕ ਗੀਤ, ਲੋਕ ਨਾਚ ,ਲੋਕ ਕਹਾਣੀਆਂ ਅਤੇ ਦੰਦ ਕਥਾਵਾਂ ਸਾਡੇ ਬਜ਼ੁਰਗਾਂ, ਭੈਣਾਂ-ਭਰਾਵਾਂ ਅਤੇ ਸਾਰਿਆਂ ਦੀ ਜ਼ਿੰਦਗੀ ਵਿੱਚ ਮੁੜ ਰੰਗ ਭਰਨ। ਮਾਈਕ ਤੇ ਆ ਕੇ ਅਪਣੇ ਹੁਨਰ ਦਾ ਵਿਖਾਵਾ ਕਰ ਸਕਣ ।
ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ,
ਮੈਂ ਇਕੱਲੀ ਇਹ ਕੰਮ ਨਹੀਂ ਕਰ ਸਕਦੀ।
ਮੈਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ।
ਮੇਰੇ ਭੈਣ-ਭਰਾ, ਮੇਰਾ ਬੇਟਾ ਤੇ ਨੂੰਹ, ਮੇਰੇ ਦੋਸਤ ਤੇ ਹੋਰ ਬਹੁਤ ਸਾਰੇ ਲੋਕ ਮੇਰਾ ਪਹਿਲਾਂ ਹੀ ਸਾਥ ਦੇ ਰਹੇ ਹਨ।
ਹੁਣ ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਮੇਰੇ ਹੱਥ ਨਾਲ ਹੱਥ ਮਿਲਾਓ।
ਆਓ…
ਬਾਤਾਂ ਪਾਈਏ ਮੁੜ ਕਦੀਮ ਦੀਆਂ
ਆਓ…
ਪੁਰਾਣੇ ਪੰਜਾਬ ਦੀਆਂ ਝਲਕੀਆਂ ਨੂੰ ਮੁੜ ਯਾਦ ਕਰੀਏ..
ਆਓ…
ਆਪਣੀ ਮਾਂ-ਬੋਲੀ, ਆਪਣੀ ਸੱਭਿਆਚਾਰਕ ਵਿਰਾਸਤ ਅਤੇ ਆਪਣੇ ਜੀਵਨ-ਮੁੱਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਈਏ
ਇਸੇ ਮੰਤਵ ਨਾਲ ਮੈਂ ਇੱਕ ਅਜਿਹਾ ਸਿਲੇਬਸ ਤਿਆਰ ਕੀਤਾ ਹੈ, ਜਿਸ ਵਿੱਚ ਸਾਡੀ ਵਿਰਾਸਤ ਦੇ ਕਈ ਅਜਿਹੇ ਪੱਖ ਸ਼ਾਮਲ ਕੀਤੇ ਗਏ ਹਨ ਜੋ ਹੌਲੀ-ਹੌਲੀ ਸਾਡੀ ਯਾਦ ਵਿੱਚੋਂ ਵਿਸਰਦੇ ਜਾ ਰਹੇ ਹਨ।
ਮੇਰੀ ਕੋਸ਼ਿਸ਼ ਹੈ ਕਿ ਸਿੱਖਣ ਦੇ ਨਾਲ-ਨਾਲ ਵਿਰਾਸਤ ਨਾਲ ਪਿਆਰ ਵੀ ਪੈਦਾ ਹੋਵੇ।
ਅੰਤ ਵਿੱਚ…
ਮੈਂ ਮੰਜੀਤ ਕੌਰ ਧੰਜਲ
ਆਪਣੇ ਦਾਦਾ ਜੀ ਸਰਦਾਰ ਆਤਮਾ ਸਿੰਘ ਧੰਜਲ ਜੀ ਦੀ ਪੋਤਰੀ ਅਤੇ ਆਪਣੇ ਪਿਤਾ ਜੀ ਪ੍ਰੋਫੈਸਰ ਗੁਰਦਰਸ਼ਨ ਸਿੰਘ ਧੰਜਲ ਜੀ ਦੀ ਧੀ ਹਾਂ।
ਮੇਰਾ ਜੱਦੀ ਪਿੰਡ ਕੋਟ ਗਰੇਵਾਲ, ਨੇੜੇ ਦੁਸਾਂਝ ਕਲਾਂ ਫਗਵਾੜਾ ਹੈ ।
ਅੱਜ ਮੈਂ ਤੁਹਾਡੇ ਸਾਹਮਣੇ 'ਪੰਜਾਬੀ ਵਿਰਾਸਤ' ਲੈ ਕੇ ਹਾਜ਼ਰ ਹਾਂ।
ਮੇਰੇ ਪਿਤਾ ਜੀ ਨੇ ਮੈਨੂੰ ਸੰਗੀਤ ਦਿੱਤਾ।
ਮੇਰੀ ਬੀਜੀ ਨੇ ਮੈਨੂੰ ਸੰਸਕਾਰ ਦਿੱਤੇ।
ਮੇਰੇ ਪੰਜਾਬ ਨੇ ਮੈਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਿਆ ।
ਅੱਜ ਮੇਰੀ ਕੋਸ਼ਿਸ਼ ਹੈ ਕਿ ਇਹ ਸਭ ਕੁਝ ਅਗਲੀ ਪੀੜ੍ਹੀ ਤੱਕ ਪਹੁੰਚਾ ਸਕਾਂ।
ਮੇਰੇ ਪਿਤਾ ਜੀ ਦੀ ਚਲਾਈ ਹੋਈ ਪਰੰਪਰਾ ਨੂੰ ਅੱਗੇ ਤੋਰਨਾ ਹੀ ਮੇਰੇ ਲਈ ਸਭ ਤੋਂ ਵੱਡਾ ਟੀਚਾ ਹੈ।
ਤੁਹਾਡੇ ਪਿਆਰ, ਅਸ਼ੀਰਵਾਦ ਅਤੇ ਸਾਥ ਦੀ ਉਮੀਦ ਕਰਦੀ ਹਾਂ।
ਆਓ, ਆਪਣੀਆਂ ਜੜ੍ਹਾਂ ਵੱਲ ਮੁੜੀਏ।
ਆਓ, ਆਪਣੀ ਵਿਰਾਸਤ ਨੂੰ ਜਾਣੀਏ।
ਆਓ, ਇਸਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਈਏ।
ਧੰਨਵਾਦ ਜੀ।
ਸਤਿ ਸਿਰੀ ਅਕਾਲ ਜੀ 🙏🏽

