ਜਦੋਂ ਮੈਂ ਬਹੁਤ ਛੋਟੀ ਜਿਹੀ ਸੀ ਅਤੇ ਤੀਜੀ ਜਮਾਤ ਵਿੱਚ ਪੜ੍ਹਦੀ ਸੀ, ਤਾਂ ਮੈਂ ਇੱਕ ਗੀਤ ਗਾਇਆ ਕਰਦੀ ਸੀ—
“ਸਾਰੀ ਉਮਰਾਂ ਦਾ ਪੈ ਕੇ ਵਿਛੋੜੇ …”
ਇੱਕ ਵਾਰ ਮੈਂ ਆਪਣੇ ਧਿਆਨ ਵਿੱਚ ਉਹ ਗੀਤ ਗਾ ਰਹੀ ਸੀ। ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਪਿਤਾ ਜੀ ਦਰਵਾਜ਼ੇ ਦੇ ਪਿੱਛੇ ਖੜ੍ਹੇ ਮੈਨੂੰ ਸੁਣ ਰਹੇ ਸਨ। ਮੇਰਾ ਗੀਤ ਸੁਣ ਕੇ ਉਹ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਮੈਨੂੰ ਕਿਹਾ,
ਤੂੰ ਤਾਂ ਬਹੁਤ ਸੋਹਣਾ ਗਾਉਂਦੀ ਏਂ। ਤੈਨੂੰ ਤਾਂ ਮਿਊਜ਼ਿਕ ਜ਼ਰੂਰ ਸਿੱਖਣਾ ਚਾਹੀਦਾ ਹੈ।
— ਮੇਰੇ ਪਿਤਾ ਜੀ
ਓਹ ਆਪ ਵੀ ਸੰਗੀਤ ਦੇ ਬਹੁਤ ਸ਼ੌਕੀਨ ਸਨ। ਗਾਉਂਦੇ ਸਨ, ਹਾਰਮੋਨੀਅਮ ਵਜਾਉਂਦੇ ਸਨ ਅਤੇ ਆਪਣੀਆਂ ਪੰਜਾਬੀ ਜੜ੍ਹਾਂ ਅਤੇ ਪੰਜਾਬੀ ਵਿਰਸੇ ਨਾਲ ਬਹੁਤ ਡੂੰਘੇ ਤੌਰ ’ਤੇ ਜੁੜੇ ਹੋਏ ਸਨ।
ਸ਼ਾਇਦ ਉਹੀ ਪਲ ਸੀ ਜਦੋਂ ਮੇਰੀ ਸੰਗੀਤ ਦੀ ਯਾਤਰਾ ਦੀ ਨੀਂਹ ਰੱਖੀ ਗਈ ਸੀ ।
ਮੈਨੂੰ ਪੰਜਾਬੀ ਵਿਰਸੇ ਨਾਲ ਪਿਆਰ ਵੀ ਉਨ੍ਹਾਂ ਤੋਂ ਹੀ ਮਿਲਿਆ। ਪੰਜਾਬੀ ਭਾਸ਼ਾ, ਸੰਗੀਤ, ਸੱਭਿਆਚਾਰ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਸਿੱਖਿਆ ਮੈਨੂੰ ਮੇਰੇ ਪਿਤਾ ਜੀ ਨੇ ਹੀ ਦਿੱਤੀ।
ਮੇਰੇ ਪਿਤਾ ਜੀ ਰਾਮਗੜ੍ਹੀਆ ਪਾਲੀਟੈਕਨਿਕ ਕਾਲਜ, ਫਗਵਾੜਾ, ਪੰਜਾਬ ਵਿੱਚ ਸਿਵਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਸਨ। ਉਨ੍ਹਾਂ ਨੇ ਲਗਭਗ 33 ਸਾਲ ਇਸ ਕਾਲਜ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ 1993 ਵਿੱਚ ਸੇਵਾਮੁਕਤ ਹੋਏ।
ਉਨ੍ਹਾਂ ਦੀ ਪਹਿਚਾਣ ਸਿਰਫ਼ ਇੱਕ ਸਿਵਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਤੱਕ ਸੀਮਿਤ ਨਹੀਂ ਸੀ।
ਉਹ ਕਾਲਜ ਦੇ ਕਲਚਰਲ ਡਿਪਾਰਟਮੈਂਟ ਦੇ ਇੰਚਾਰਜ ਵੀ ਸਨ। ਉਹ ਗੀਤ, ਗ਼ਜ਼ਲਾਂ, ਸ਼ਬਦ, ਗਰੁੱਪ ਸੌਂਗ ਅਤੇ ਡਰਾਮੇ ਤਿਆਰ ਕਰਵਾਉਂਦੇ ਸਨ। ਵਿਦਿਆਰਥੀਆਂ ਵਿੱਚ ਕਲਾ ਅਤੇ ਸੱਭਿਆਚਾਰ ਦੀ ਰੁਚੀ ਪੈਦਾ ਕਰਨਾ ਉਨ੍ਹਾਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਸੀ।
ਅੱਜ ਮੈਂ ਜੋ ਕੁਝ ਵੀ ਹਾਂ, ਉਸ ਵਿੱਚ ਮੇਰੇ ਪਿਤਾ ਜੀ ਦੀ ਸਿੱਖਿਆ, ਉਨ੍ਹਾਂ ਦੇ ਸੰਸਕਾਰ ਅਤੇ ਉਨ੍ਹਾਂ ਦੀ ਪਰਵਰਿਸ਼ ਦਾ ਸਭ ਤੋਂ ਵੱਡਾ ਯੋਗਦਾਨ ਹੈ।
1995 ਵਿੱਚ ਉਹ ਮੇਰੇ ਭਰਾ ਕੋਲ ਕੈਨੇਡਾ ਚਲੇ ਗਏ। ਉੱਥੇ ਜਾ ਕੇ ਵੀ ਉਹ ਕਦੇ ਵਿਹਲੇ ਨਹੀਂ ਬੈਠੇ।
ਉਨ੍ਹਾਂ ਨੇ ਗੁਰਦੁਆਰਾ ਸਾਹਿਬ, ਓਕਵਿਲੇ ਅਤੇ ਫਿਰ ਰਾਮਗੜ੍ਹੀਆ ਸਿੱਖ ਸੁਸਾਇਟੀ, ਰਿਵਾਲਡਾ ਰੋਡ, ਟੋਰਾਂਟੋ ਵਿਖੇ ਲੰਮਾ ਸਮਾਂ ਸੇਵਾ ਕੀਤੀ ਅਤੇ ਲਗਭਗ 23 ਸਾਲ ਮੈਨੇਜਰ ਦੀ ਜ਼ਿੰਮੇਵਾਰੀ ਨਿਭਾਈ।
ਉਨਾਂ ਲਈ ਇਹ ਨੌਕਰੀ ਨਹੀਂ ਸੀ, ਨਿਸ਼ਕਾਮ ਸੇਵਾ ਸੀ ।
ਗੁਰਦੁਆਰਾ ਸਾਹਿਬ ਨਾਲ ਜੁੜ ਕੇ ਉਨ੍ਹਾਂ ਨੇ ਮਾਂ-ਬੋਲੀ ਪੰਜਾਬੀ ਦੀ ਸਿੱਖਿਆ, ਯੋਗਾ ਕਲਾਸਾਂ, ਕਰਾਟੇ ਅਤੇ ਗੁਰਬਾਣੀ ਕੀਰਤਨ ਦੀ ਸਿਖਲਾਈ ਸ਼ੁਰੂ ਕੀਤੀ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਇੱਕ ਲਾਇਬ੍ਰੇਰੀ ਦੀ ਸਥਾਪਨਾ ਵੀ ਕੀਤੀ।
ਉਹ ਜਿੱਥੇ ਵੀ ਗਏ, ਉੱਥੇ ਸਿਰਫ਼ ਆਪਣਾ ਜੀਵਨ ਨਹੀਂ ਜਿਉਂਦੇ ਰਹੇ—ਉਹ ਆਪਣੇ ਨਾਲ ਆਪਣਾ ਪੰਜਾਬ ਵੀ ਲੈ ਕੇ ਗਏ।
ਮੇਰੇ ਪਿਤਾ ਜੀ ਦੀ ਚਲਾਈ ਹੋਈ ਓਹੀ ਪਰੰਪਰਾ ਅੱਜ ਪੰਜਾਬੀ ਵਿਰਾਸਤ ਦੇ ਰੂਪ ਵਿੱਚ ਸਾਡੇ ਸਾਹਮਣੇ ਉਜਾਗਰ ਹੋਈ ਹੈ।
ਉਹ ਬਹੁਤ ਹੀ ਹਰਮਨ-ਪਿਆਰੇ ਸਨ। ਅੱਜ ਵੀ ਉੱਥੇ ਦੇ ਬੱਚੇ ਅਤੇ ਸੰਗਤ ਉਨ੍ਹਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ “ਪ੍ਰੋਫੈਸਰ ਸਾਹਿਬ” ਕਹਿ ਕੇ ਯਾਦ ਕਰਦੇ ਹਨ।
11 ਮਈ 2019 ਨੂੰ ਉਹ ਸਾਨੂੰ ਸਦਾ ਲਈ ਵਿਛੋੜਾ ਦੇ ਗਏ।
ਪਰ ਜਾਂਦੇ-ਜਾਂਦੇ ਉਹ ਮੇਰੀ ਝੋਲੀ ਵਿੱਚ ਇੱਕ ਐਸੀ ਵਿਰਾਸਤ ਪਾ ਗਏ, ਜੋ ਅੱਜ ਵੀ ਮੇਰੇ ਨਾਲ ਹੈ।
ਉਹ ਵਿਰਾਸਤ ਹੈ—
ਪੰਜਾਬੀ ਭਾਸ਼ਾ ਨਾਲ ਪਿਆਰ, ਸੰਗੀਤ ਨਾਲ ਪਿਆਰ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਜਜ਼ਬਾ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ।
ਇਸ ਲਈ ਅੱਜ ਮੈਂ ਪੰਜਾਬੀ ਵਿਰਾਸਤ ਦੀ ਸਿਰਜਣਾ ਦਾ ਸਾਰਾ ਮਾਣ ਆਪਣੇ ਪਿਤਾ ਜੀ ਨੂੰ ਦਿੰਦੀ ਹਾਂ।
In Loving Memory
ਪੰਜਾਬੀ ਵਿਰਾਸਤ — ਮੇਰੇ ਪਿਤਾ ਜੀ ਪ੍ਰੋ. ਗੁਰਦਰਸ਼ਨ ਸਿੰਘ ਧੰਜਲ ਜੀ ਨੂੰ ਸਮਰਪਿਤ ਹੈ❤
— ਮਨਜੀਤ ਕੌਰ

